Aug 22, 2025 4:36 PM - Connect Newsroom
ਅੱਜ ਤੜਕਸਾਰ ਪੰਜਾਬੀ ਫਿਲਮ ਜਗਤ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਆਪਣੀ ਕਲਾਕਾਰੀ ਨਾਲ ਲੋਕਾਂ ਨੂੰ ਹਸਾਉਣ ਵਾਲੇ ਪੰਜਾਬੀ ਅਦਾਕਾਰ ਜਸਵਿੰਦਰ ਭੱਲਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਅਦਾਕਾਰ ਜਸਵਿੰਦਰ ਭੱਲਾ ਨੇ ਕਈ ਹਿੱਟ ਫਿਲਮਾਂ ਦਰਸ਼ਕਾਂ ਦੀ ਝੋਲੀ ਪਾਈਆਂ ਹਨ ਅਤੇ ਆਪਣੀਆਂ ਪੰਚ ਲਾਈਨਾਂ ਕਾਰਨ ਉਹ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੇ ਸਨ।
ਦਰਅਸਲ ਦਿੱਗਜ ਅਦਾਕਾਰ ਜਸਵਿੰਦਰ ਭੱਲਾ ਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਜਸਵਿੰਦਰ ਭੱਲਾ ਨੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਆਖਰੀ ਸਾਹ ਲਏ। ਉਨ੍ਹਾਂ ਦੀ ਉਮਰ 65 ਸਾਲ ਦੇ ਕਰੀਬ ਸੀ। ਜਸਵਿੰਦਰ ਭੱਲਾ ਦਾ ਅੰਤਿਮ ਸਸਕਾਰ ਕੱਲ੍ਹ 23 ਅਗਸਤ ਨੂੰ ਦੁਪਹਿਰ 12.00 ਵਜੇ ਮੋਹਾਲੀ ਦੇ ਬਲੌਂਗੀ ਵਿਚ ਹੋਵੇਗਾ।
ਪੰਜਾਬ ਦੀਆਂ ਕਈ ਮਸ਼ਹੂਰ ਫ਼ਿਲਮਾਂ ਵਿੱਚ ਕੰਮ ਕਰਨ ਤੋਂ ਇਲਾਵਾ ਜਸਵਿੰਦਰ ਸਿੰਘ ਭੱਲਾ ਨੇ ਕਈ ਕਾਮੇਡੀਅਨ ਨਾਟਕ ਵੀ ਕੀਤੇ ਹਨ। ਜਸਵਿੰਦਰ ਭੱਲਾ ਨੂੰ ਸਿਰਫ਼ ਪੰਜਾਬ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆ ਵਿੱਚ ਪਸੰਦ ਕੀਤਾ ਜਾਂਦਾ ਹੈ। ਪੰਜਾਬੀ ਫਿਲਮਾਂ ਵਿੱਚ ਇਨ੍ਹਾਂ ਨੇ ਆਪਣੀ ਸ਼ੁਰੂਆਤ ਫ਼ਿਲਮ ਦੁੱਲਾ ਭੱਟੀ ਤੋਂ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਪੰਜਾਬੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ, ਜਿੰਨਾਂ ਵਿੱਚ ਚੱਕ ਦੇ ਫੱਟੇ, ਮੇਲ ਕਰਾਦੇ ਰੱਬਾ, ਕੈਰੀ ਆਨ ਜੱਟਾ, ਜੱਟ ਐਂਡ ਜੂਲੀਅਟ, ਡੈਡੀ ਕੂਲ ਮੁੰਡੇ ਫ਼ੂਲ ਆਦਿ ਫ਼ਿਲਮਾਂ ਬਹੁਤ ਮਕਬੂਲ ਹੋਈਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਹੋਰ ਕਈ ਫਿਲਮਾਂ 'ਚ ਵੀ ਕੰਮ ਕੀਤਾ ਹੈ।